Wednesday, 19 August 2026Admin Login
Punjab Politics

ਪੰਜਾਬ ਕਾਂਗਰਸ ਦੀ ਗੁਟਬਾਜ਼ੀ: ਹਾਈਕਮਾਨ ਨੇ ਭੁਪੇਸ਼ ਬਘੇਲ ਨਾਲ ਕੀਤੀ ਮੀਟਿੰਗ, ਚੰਨੀ-ਬਾਜਵਾ ਸਮੇਤ ਹੋਰ ਆਗੂਆਂ ਨਾਲ ਵੀ ਹੋ ਸਕਦੀ ਹੈ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਗੁਟਬਾਜ਼ੀ ਨੂੰ ਸੁਲਝਾਉਣ ਲਈ ਕਾਂਗਰਸ ਹਾਈਕਮਾਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਕੇ.ਸੀ. ਵੈਣੂਗੋਪਾਲ ਨੇ ਬੁੱਧਵਾਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹੇ।

By Parmeet Singh Bidowali
Share:
ਪੰਜਾਬ ਕਾਂਗਰਸ ਦੀ ਗੁਟਬਾਜ਼ੀ: ਹਾਈਕਮਾਨ ਨੇ ਭੁਪੇਸ਼ ਬਘੇਲ ਨਾਲ ਕੀਤੀ ਮੀਟਿੰਗ, ਚੰਨੀ-ਬਾਜਵਾ ਸਮੇਤ ਹੋਰ ਆਗੂਆਂ ਨਾਲ ਵੀ ਹੋ ਸਕਦੀ ਹੈ ਮੁਲਾਕਾਤ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਗੁਟਬਾਜ਼ੀ ਨੂੰ ਸੁਲਝਾਉਣ ਲਈ ਕਾਂਗਰਸ ਹਾਈਕਮਾਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਕੇ.ਸੀ. ਵੈਣੂਗੋਪਾਲ ਨੇ ਬੁੱਧਵਾਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹੇ।

ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਨਹੀਂ ਆਏ, ਪਰ ਸਿਆਸੀ ਹਲਕਿਆਂ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਬਾਜਵਾ ਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ, ਬਘੇਲ ਨੇ ਕੀਤਾ ਖੰਡਨ

ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾ ਸਕਦੀ ਹੈ। ਹਾਲਾਂਕਿ ਭੁਪੇਸ਼ ਬਘੇਲ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਹੀਂ ਹਟਾਇਆ ਜਾਵੇਗਾ।

ਹਾਈਕਮਾਨ ਗੁਟਬਾਜ਼ੀ ਨੂੰ ਲੈ ਕੇ ਚਿੰਤਤ

ਸੂਤਰਾਂ ਅਨੁਸਾਰ, ਪੰਜਾਬ ਕਾਂਗਰਸ ਵਿੱਚ ਵੱਧ ਰਹੀ ਗੁਟਬਾਜ਼ੀ ਨੂੰ ਲੈ ਕੇ ਪਾਰਟੀ ਹਾਈਕਮਾਨ ਗੰਭੀਰ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਮਗਰੋਂ ਮੱਲਿਕਾਰਜੁਨ ਖੜਗੇ ਅਤੇ ਕੇ.ਸੀ. ਵੈਣੂਗੋਪਾਲ ਵਿਚਾਲੇ ਲੰਬੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੀ ਸਿਆਸੀ ਸਥਿਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਇਸ ਤੋਂ ਬਾਅਦ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਕੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਅਤੇ ਆਗੂਆਂ ਦੀ ਨਾਰਾਜ਼ਗੀ ਬਾਰੇ ਫੀਡਬੈਕ ਲਈ ਗਈ।

ਚੰਨੀ, ਰੰਧਾਵਾ ਤੇ ਹੋਰ ਆਗੂਆਂ ਨਾਲ ਵੀ ਹੋ ਸਕਦੀ ਹੈ ਮੀਟਿੰਗ

ਕਾਂਗਰਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਈਕਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨਾਲ ਵੀ ਵੱਖ-ਵੱਖ ਮੀਟਿੰਗਾਂ ਕਰ ਸਕਦੀ ਹੈ। ਇਹ ਆਗੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਰਾਹੁਲ ਗਾਂਧੀ ਨਾਲ ਮਿਲ ਕੇ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਆਪਣਾ ਪੱਖ ਰੱਖਣਗੇ।

2021 ਵਾਲੀ ਗਲਤੀ ਨਹੀਂ ਦੁਹਰਾਉਣਾ ਚਾਹੁੰਦੀ ਹਾਈਕਮਾਨ

ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਰਗੀ ਸਥਿਤੀ ਦੁਬਾਰਾ ਨਹੀਂ ਬਣਾਉਣਾ ਚਾਹੁੰਦੀ। ਇਸੇ ਕਾਰਨ ਭੁਪੇਸ਼ ਬਘੇਲ ਲਗਾਤਾਰ ਕਹਿ ਰਹੇ ਹਨ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ।

ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਲਈ ਲੀਡਰਸ਼ਿਪ ਵਿੱਚ ਬਦਲਾਅ ਜ਼ਰੂਰੀ ਹੈ। ਕਪੂਰਥਲਾ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿਵਾਸ 'ਤੇ ਹੋਈ ਮੀਟਿੰਗ ਦੌਰਾਨ ਨਾਰਾਜ਼ ਆਗੂਆਂ ਨੇ ਵੀ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਸੀ।

ਸੋਸ਼ਲ ਮੀਡੀਆ 'ਤੇ ਚੰਨੀ ਦੇ ਹੱਕ ਵਿੱਚ ਮੁਹਿੰਮ

ਵਰਨਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਚੰਨੀ ਧੜਾ ਖੁੱਲ੍ਹ ਕੇ ਨਾਰਾਜ਼ਗੀ ਜਤਾ ਰਿਹਾ ਹੈ। ਇਸਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਚਰਨਜੀਤ ਸਿੰਘ ਚੰਨੀ ਨੂੰ ਭਵਿੱਖ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨਣ ਦੀ ਮੁਹਿੰਮ ਵੀ ਚੱਲ ਰਹੀ ਹੈ, ਜਿਸ ਕਾਰਨ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਹੋਰ ਗਰਮਾ ਗਈ ਹੈ।