ਰਿਮਾਂਡ ਖ਼ਤਮ, ਮੰਤਰੀ ਸੰਜੀਵ ਅਰੋੜਾ ਨੂੰ ED ਨੇ ਅਦਾਲਤ 'ਚ ਕੀਤਾ ਪੇਸ਼, 1 ਜੂਨ ਤੱਕ ਨਿਆਇਕ ਹਿਰਾਸਤ 'ਚ ਭੇਜਿਆ
ਦੱਸ ਦੇਈਏ ਕਿ ਸੰਜੀਵ ਅਰੋੜਾ ਲਗਭਗ 9 ਦਿਨ ਈ ਡੀ ਦੀ ਹਿਰਾਸਤ ’ਚ ਰਹੇ । ਇਸੇ ਦੌਰਾਨ ਈ ਡੀ ਨੇ ਉਨ੍ਹਾਂ 'ਤੇ ਜਾਂਚ ’ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਵੀ ਲਗਾਏ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ED ਨੇ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਗੁਰੂਗ੍ਰਾਮ ਦੀ ਅਦਾਲਤ ਵਿਚ ਪੇਸ਼ ਕੀਤਾ । ਜਿਥੇ ਮਾਮਲੇ ਦੀ ਸੁਣਵਾਈ ਹੋਣ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਹੁਣ ਉਹ ਇਕ ਜੂਨ ਤੱਕ ਜੇਲ੍ਹ ਵਿੱਚ ਰਹਿਣਗੇ ।
ਦੱਸ ਦੇਈਏ ਕਿ ਸੰਜੀਵ ਅਰੋੜਾ ਲਗਭਗ 9 ਦਿਨ ਈ ਡੀ ਦੀ ਹਿਰਾਸਤ ’ਚ ਰਹੇ । ਇਸੇ ਦੌਰਾਨ ਈ ਡੀ ਨੇ ਉਨ੍ਹਾਂ 'ਤੇ ਜਾਂਚ ’ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਵੀ ਲਗਾਏ ।
ਜ਼ਿਕਰਯੋਗ ਹੈ ਕਿ ਈ.ਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ’ਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਮਗਰੋਂ ਅਦਾਲਤ ਨੇ ਪਹਿਲਾਂ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਅਤੇ ਮੁੜ ਦੋ ਦਿਨ ਦਾ ਰਿਮਾਂਡ ’ਚ ਵਧਿਆ, ਜੋ ਅੱਜ ਖ਼ਤਮ ਹੋਣ "ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨਾਲ ਸਬੰਧਤ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ। ਇਸ ਸਬੰਧ ਵਿਚ ਲੁਧਿਆਣਾ ਦੇ ਇੱਕ ਪ੍ਰਮੁੱਖ ਕਾਰੋਬਾਰੀ, ਜੋ ਸੰਜੀਵ ਅਰੋੜਾ ਦਾ ਭਾਈਵਾਲ ਵੀ ਹੈ , ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਵੱਖ-ਵੱਖ ਕੰਪਨੀਆਂ ਵਿੱਚ ਵਿੱਤੀ ਲੈਣ-ਦੇਣ, ਵਪਾਰਕ ਭਾਈਵਾਲੀ ਅਤੇ ਨਿਵੇਸ਼ਾਂ ਨਾਲ ਸਬੰਧਤ ਪਹਿਲੂਆਂ ਬਾਰੇ ਵਿਸਤ੍ਰਿਤ ਪੁੱਛਗਿੱਛ ਕਰ ਸਕਦੀ ਹੈ।
ਸੂਤਰਾਂ ਅਨੁਸਾਰ, ਈਡੀ ਟੀਮ ਇਸ ਮਾਮਲੇ ਨਾਲ ਸਬੰਧਤ ਵਿੱਤੀ ਗਤੀਵਿਧੀਆਂ ਅਤੇ ਫੰਡਾਂ ਦੇ ਪ੍ਰਵਾਹ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਏਜੰਸੀ ਇਸ ਸਮੇਂ ਇਹ ਪਤਾ ਲਗਾਉਣ 'ਤੇ ਕੇਂਦ੍ਰਿਤ ਹੈ ਕਿ ਵੱਖ-ਵੱਖ ਕੰਪਨੀਆਂ ਅਤੇ ਕਾਰੋਬਾਰਾਂ ਵਿੱਚ ਨਿਵੇਸ਼ ਕਿਵੇਂ ਕੀਤੇ ਗਏ ਸਨ, ਨਾਲ ਹੀ ਫੰਡ ਲੈਣ-ਦੇਣ ਦੇ ਚੈਨਲਾਂ ਰਾਹੀਂ ਵੀ ਇਹ ਪਤਾ ਲਗਾਇਆ ਜਾ ਸਕਦਾ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਈਡੀ ਪਹਿਲਾਂ ਇਸ ਮਾਮਲੇ ਨਾਲ ਜੁੜੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ।