The Punjab Inside
Saturday, 3 October 2026Admin Login

ਰੂਪਨਗਰ ਰੈਲੀ ਤੋਂ Channi ਰਹਿਣਗੇ ਗੈਰਹਾਜ਼ਰ? Youth Congress ਨੂੰ ਸੱਦਾ ਨਾ ਮਿਲਣ 'ਤੇ ਉੱਠੇ ਸਵਾਲ

ਰੂਪਨਗਰ ਰੈਲੀ ਤੋਂ Channi ਰਹਿਣਗੇ ਗੈਰਹਾਜ਼ਰ? Youth Congress ਨੂੰ ਸੱਦਾ ਨਾ ਮਿਲਣ 'ਤੇ ਉੱਠੇ ਸਵਾਲ
Punjab Inside Team
Share:

ਨੰਗਲ: ਪੰਜਾਬ ਕਾਂਗਰਸ ਵੱਲੋਂ 7 ਅਗਸਤ ਨੂੰ ਨੰਗਲ ਵਿੱਚ ਕਰਵਾਈ ਜਾ ਰਹੀ ਰੂਪਨਗਰ ਜ਼ਿਲ੍ਹਾ ਪੱਧਰੀ ਰੈਲੀ ਤੋਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਗੈਰਹਾਜ਼ਰ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਜਾਣਕਾਰੀ ਸਾਬਕਾ ਵਿਧਾਇਕ ਬਰਿੰਦਰ ਸਿੰਘ ਢਿੱਲੋ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਜਾਰੀ ਹੋਣ ਕਾਰਨ ਚੰਨੀ ਦੇ ਰੈਲੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਇਸ ਦੇ ਨਾਲ ਹੀ ਢਿੱਲੋ ਨੇ ਰੈਲੀ ਦੇ ਸਥਾਨ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰੀ ਰੈਲੀ ਰੂਪਨਗਰ ਹੈੱਡਕੁਆਰਟਰ ਦੀ ਬਜਾਏ ਨੰਗਲ ਵਰਗੇ ਸਰਹੱਦੀ ਸ਼ਹਿਰ ਵਿੱਚ ਕਰਵਾਉਣ ਨਾਲ ਰੂਪਨਗਰ, ਮੋਰਿੰਡਾ ਅਤੇ ਚਮਕੌਰ ਸਾਹਿਬ ਇਲਾਕਿਆਂ ਦੇ ਵਰਕਰਾਂ ਨੂੰ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਸੇ ਦੌਰਾਨ ਰੈਲੀ ਨੂੰ ਲੈ ਕੇ ਪਾਰਟੀ ਅੰਦਰ ਨਾਰਾਜ਼ਗੀ ਵੀ ਸਾਹਮਣੇ ਆਈ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅੱਛਰ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰੈਲੀ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਯੂਥ ਕਾਂਗਰਸ ਨੂੰ ਹੀ ਅਣਡਿੱਠਾ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਜ਼ਿਲ੍ਹਾ ਯੂਥ ਕਾਂਗਰਸ ਦੇ ਚੁਣੇ ਹੋਏ ਪ੍ਰਧਾਨ ਨਵਦੀਪ ਸਿੰਘ ਨਵੀ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਰੈਲੀ ਸਬੰਧੀ ਕੋਈ ਅਧਿਕਾਰਤ ਸੂਚਨਾ ਜਾਂ ਸੱਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਜਿਹੇ ਮਹੱਤਵਪੂਰਨ ਪ੍ਰੋਗਰਾਮ ਦੀ ਜਾਣਕਾਰੀ ਉਨ੍ਹਾਂ ਨੂੰ ਮੀਡੀਆ ਰਾਹੀਂ ਪ੍ਰਾਪਤ ਹੋਈ।

ਰੈਲੀ ਤੋਂ ਪਹਿਲਾਂ ਪਾਰਟੀ ਦੇ ਅੰਦਰ ਉੱਠੇ ਇਹ ਸਵਾਲ ਕਾਂਗਰਸ ਦੀ ਅੰਦਰੂਨੀ ਇਕਜੁੱਟਤਾ ਅਤੇ ਸੰਗਠਨਾਤਮਕ ਤਿਆਰੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲਾਂਕਿ ਇਸ ਮਾਮਲੇ 'ਤੇ ਕਾਂਗਰਸ ਦੇ ਜ਼ਿਲ੍ਹਾ ਨੇਤ੍ਰਿਤਵ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।