The Punjab Inside
Saturday, 3 October 2026Admin Login

ਪਟਿਆਲਾ 'ਚ ਬੇਰੁਜ਼ਗਾਰ ਲਾਈਨਮੈਨਾਂ ਦਾ ਪ੍ਰਦਰਸ਼ਨ ਹੋਇਆ ਗੰਭੀਰ; ਮਰਨ ਵਰਤ 'ਤੇ ਬੈਠਾ ਆਗੂ ਕੁਲਦੀਪ ਸਿੰਘ ਹੋਇਆ ਬੇਹੋਸ਼, ਹਸਪਤਾਲ ਦਾਖ਼ਲ

ਦੱਸਣਯੋਗ ਹੈ ਕਿ ਪਾਵਰਕੌਮ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਕਰੀਬ 2,600 ਅਪ੍ਰੈਂਟਿਸਸ਼ਿਪ ਪਾਸ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਹਨ। ਇਸ ਸੰਘਰਸ਼ ਦੌਰਾਨ ਪ੍ਰਸ਼ਾਸਨ ਵੱਲੋਂ ਪਹਿਲਾਂ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਚੁੱਕਾ ਹੈ

ਪਟਿਆਲਾ 'ਚ ਬੇਰੁਜ਼ਗਾਰ ਲਾਈਨਮੈਨਾਂ ਦਾ ਪ੍ਰਦਰਸ਼ਨ ਹੋਇਆ ਗੰਭੀਰ; ਮਰਨ ਵਰਤ 'ਤੇ ਬੈਠਾ ਆਗੂ ਕੁਲਦੀਪ ਸਿੰਘ ਹੋਇਆ ਬੇਹੋਸ਼, ਹਸਪਤਾਲ ਦਾਖ਼ਲ
Punjab Inside Team
Share:

 ਪਟਿਆਲਾ। ਪਾਵਰਕੌਮ ਵਿੱਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੇ ਪ੍ਰਦਰਸ਼ਨ ਨੇ ਹੁਣ ਬੇਹੱਦ ਗੰਭੀਰ ਰੂਪ ਧਾਰਨ ਕਰ ਲਿਆ ਹੈ। ਸੰਗਰੂਰ ਰੋਡ ’ਤੇ ਮਰਨ ਵਰਤ ’ਤੇ ਬੈਠੇ ਯੂਨੀਅਨ ਦੇ ਮੁੱਖ ਆਗੂ ਕੁਲਦੀਪ ਸਿੰਘ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਉਹ ਬੇਹੋਸ਼ ਹੋ ਗਏ। ਹਾਲਤ ਨਾਜ਼ੁਕ ਹੁੰਦੀ ਦੇਖ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।


ਦੱਸਣਯੋਗ ਹੈ ਕਿ ਪਾਵਰਕੌਮ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਕਰੀਬ 2,600 ਅਪ੍ਰੈਂਟਿਸਸ਼ਿਪ ਪਾਸ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਹਨ। ਇਸ ਸੰਘਰਸ਼ ਦੌਰਾਨ ਪ੍ਰਸ਼ਾਸਨ ਵੱਲੋਂ ਪਹਿਲਾਂ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਕਈ ਨੌਜਵਾਨ ਜ਼ਖਮੀ ਹੋਏ ਸਨ। ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਅਤੇ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਬੀਤੇ ਦਿਨੀਂ ਗੁੱਸੇ ਵਿੱਚ ਆਏ ਯੂਨੀਅਨ ਮੈਂਬਰ ਸੰਗਰੂਰ ਰੋਡ ’ਤੇ ਸਥਿਤ ਹਾਈਵੋਲਟੇਜ ਬਿਜਲੀ ਦੇ ਟਾਵਰ ’ਤੇ ਚੜ੍ਹ ਗਏ ਸਨ। ਇਸ ਦੇ ਨਾਲ ਹੀ ਬਾਕੀ ਸਾਥੀਆਂ ਵੱਲੋਂ ਟਾਵਰ ਦੇ ਹੇਠਾਂ ਹੀ ਪੱਕਾ ਮੋਰਚਾ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ।


ਸਥਿਤੀ ਉਸ ਸਮੇਂ ਹੋਰ ਤਣਾਅਪੂਰਨ ਹੋ ਗਈ ਜਦੋਂ ਅਗਲੀ ਸਵੇਰ ਪੁਲਿਸ ਪ੍ਰਸ਼ਾਸਨ ਵੱਲੋਂ ਜਬਰਦਸਤੀ ਹੇਠਾਂ ਬੈਠੇ ਧਰਨਾਕਾਰੀਆਂ ਦਾ ਟੈਂਟ ਪੁੱਟ ਦਿੱਤਾ ਗਿਆ। ਪ੍ਰਸ਼ਾਸਨ ਦੀ ਇਸ ਸਖ਼ਤੀ ਦਰਮਿਆਨ ਦੁਪਹਿਰ ਵੇਲੇ ਭੁੱਖ ਹੜਤਾਲ ’ਤੇ ਬੈਠੇ ਆਗੂ ਕੁਲਦੀਪ ਸਿੰਘ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।

ਦੂਜੇ ਪਾਸੇ, ਪ੍ਰਸ਼ਾਸਨਿਕ ਕਾਰਵਾਈ ਤੋਂ ਨਿਰਾਸ਼ ਯੂਨੀਅਨ ਦੇ ਬਾਕੀ ਸਾਥੀ ਅਜੇ ਵੀ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਡਟੇ ਹੋਏ ਹਨ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ 2,600 ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਮਿਲਦੇ, ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕ ਜ਼ਿੰਮੇਵਾਰ ਹੋਣਗੇ।