The Punjab Inside
Saturday, 3 October 2026Admin Login

‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ, ਅਕਾਲੀ ਦਲ ਹੀ ਸੂਬੇ ਦਾ ਅਸਲ ਰਾਖਾ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਦੱਸਿਆ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਜੋ ਹਮੇਸ਼ਾ ਗੁਰੂ ਘਰਾਂ ਦੀ ਸੇਵਾ ਅਤੇ ਜ਼ੁਲਮ ਵਿਰੁੱਧ ਲੜਦੀ ਆਈ ਹੈ। ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਅਹਿਮ ਵਾਅਦੇ ਕਰਦਿਆਂ ਕਿਹਾ ਕਿ ਸਰਕਾਰੀ ਪੋਸਟਾਂ ਸਿਰਫ਼ ਪੰਜਾਬੀਆਂ ਦੁਆਰਾ ਭਰੀਆਂ ਜਾਣਗੀਆਂ ਅਤੇ ਨਿੱਜੀ ਫੈਕਟਰੀਆਂ ਵਿੱਚ 75% ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ

‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ, ਅਕਾਲੀ ਦਲ ਹੀ ਸੂਬੇ ਦਾ ਅਸਲ ਰਾਖਾ : ਸੁਖਬੀਰ ਸਿੰਘ ਬਾਦਲ
Punjab Inside Team
Share:

ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ‘ਪੰਜਾਬ ਬਚਾਓ ਰੈਲੀ’ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਅੱਜ ਤਬਾਹੀ ਦੇ ਕੰਢੇ ਖੜ੍ਹਾ ਹੈ।


ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰਵਾਦ, ਕਤਲੇਆਮ, ਲੁੱਟਾਂ-ਖੋਹਾਂ ਅਤੇ ਫਿਰੌਤੀਆਂ ਦੇ ਚੱਲਦਿਆਂ ਆਮ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਨਸ਼ਾ ਲਗਾਤਾਰ ਵਧ ਰਿਹਾ ਹੈ, ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ, ‘ਮੁੱਖ ਮੰਤਰੀ ਕੋਲ ਚੁਟਕਲੇ ਸੁਣਾਉਣ ਤੋਂ ਇਲਾਵਾ ਪੰਜਾਬ ਲਈ ਕੋਈ ਠੋਸ ਨੀਤੀ ਨਹੀਂ ਹੈ।’ ਉਨ੍ਹਾਂ ਕਾਂਗਰਸ ਅਤੇ ਹੋਰ ਦਿੱਲੀ ਅਧਾਰਿਤ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਾਂਗਰਸ 25 ਸਾਲ ਰਾਜ ਕਰਨ ਦੇ ਬਾਵਜੂਦ ਕਾਂਗਰਸ ਨੇ ਪੰਜਾਬ ਲਈ ਕੁਝ ਨਹੀਂ ਸਵਾਰਿਆ।


ਉਨ੍ਹਾਂ ਦੇ ਆਗੂ ਸਿਰਫ਼ ਸੱਤਾ ਦਾ ਆਨੰਦ ਮਾਨਣ ਲਈ ਸਿਆਸਤ ਵਿੱਚ ਆਉਂਦੇ ਹਨ। ਬਾਹਰੀ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਸਿਰਫ਼ ਰਾਜ ਕਰਨ ਆਉਂਦੀਆਂ ਹਨ, ਜਦਕਿ ਪੰਜਾਬ ਦੀ ਅਸਲ ਤਰੱਕੀ ਸਿਰਫ਼ ਅਕਾਲੀ ਦਲ ਦੇ ਰਾਜ ਦੌਰਾਨ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਵੱਡੀਆਂ ਸ਼ਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ਸ. ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਸਿਆਸਤ ਕੀਤੀ ਪਰ ਉਹ ਕਦੇ ਕਿਸੇ ਅੱਗੇ ਝੁਕੇ ਨਹੀਂ।

ਉਨ੍ਹਾਂ ਦੱਸਿਆ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਜੋ ਹਮੇਸ਼ਾ ਗੁਰੂ ਘਰਾਂ ਦੀ ਸੇਵਾ ਅਤੇ ਜ਼ੁਲਮ ਵਿਰੁੱਧ ਲੜਦੀ ਆਈ ਹੈ। ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਅਹਿਮ ਵਾਅਦੇ ਕਰਦਿਆਂ ਕਿਹਾ ਕਿ ਸਰਕਾਰੀ ਪੋਸਟਾਂ ਸਿਰਫ਼ ਪੰਜਾਬੀਆਂ ਦੁਆਰਾ ਭਰੀਆਂ ਜਾਣਗੀਆਂ ਅਤੇ ਨਿੱਜੀ ਫੈਕਟਰੀਆਂ ਵਿੱਚ 75% ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ।'ਵਰਲਡ ਸਕਿੱਲ ਏਜੰਸੀ' ਰਾਹੀਂ ਇਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਦਿੱਤਾ ਜਾਵੇਗਾ। ਆਪਣਾ ਕੰਮ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ। ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਫਾਰਮ ਬਣਾਉਣ 'ਤੇ 75% ਸਬਸਿਡੀ ਦਿੱਤੀ ਜਾਵੇਗੀ। ਇਸ ਰੈਲੀ ਵਿੱਚ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਮਨਜਿੰਦਰ ਸਿੰਘ ਬਿੱਟੂ, ਜਗਜੀਤ ਸਿੰਘ ਹਨੀ ਫੱਤਣਵਾਲਾ, ਹੀਰਾ ਸਿੰਘ ਚੜ੍ਹੇਵਾਨ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।