The Punjab Inside
Saturday, 3 October 2026Admin Login

Chandigarh 'ਚ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮਹਾਂ ਰੈਲੀ, Vidhan Sabha ਵੱਲ ਮਾਰਚ ਦੌਰਾਨ Police ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

Chandigarh 'ਚ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮਹਾਂ ਰੈਲੀ, Vidhan Sabha ਵੱਲ ਮਾਰਚ ਦੌਰਾਨ Police ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
Punjab Inside Team
Share:

ਚੰਡੀਗੜ੍ਹ: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਮੰਡੀ ਵਿੱਚ ਵਿਸ਼ਾਲ ਮਹਾਂ-ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋਏ, ਜਿਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਰੈਲੀ ਤੋਂ ਬਾਅਦ ਜਦੋਂ ਪ੍ਰਦਰਸ਼ਨਕਾਰੀ ਪੰਜਾਬ ਵਿਧਾਨ ਸਭਾ ਵੱਲ ਪੈਦਲ ਮਾਰਚ ਲਈ ਰਵਾਨਾ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਤਿੰਨ ਵਾਰ ਪਾਣੀ ਦੀਆਂ ਬੁਛਾੜਾਂ (Water Cannons) ਚਲਾਈਆਂ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ-ਮੁੱਕੀ ਵੀ ਹੋਈ, ਪਰ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਡਟੇ ਰਹੇ।

ਸੈਕਟਰ-39 ਅਨਾਜ ਮੰਡੀ ਤੋਂ ਇਲਾਵਾ ਮੁਹਾਲੀ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਸੈਕਟਰਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਆਵਾਜਾਈ ਦੇਖਣ ਨੂੰ ਮਿਲੀ, ਜਿਸ ਕਾਰਨ ਇਲਾਕੇ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।

ਸਰਕਾਰ 'ਤੇ ਵਾਅਦੇ ਤੋੜਣ ਦੇ ਲਗਾਏ ਦੋਸ਼

"ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਅਤੇ "ਸਾਂਝਾ ਮੁਲਾਜ਼ਮ ਮੰਚ" ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਦੋਵੇਂ ਹੀ ਮੁਲਾਜ਼ਮ ਵਿਰੋਧੀ ਹਨ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ।

ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਅਲਕਾ ਚੋਪੜਾ, ਦਵਿੰਦਰ ਸਿੰਘ ਬੈਨੀਪਾਲ, ਦਿਗਵਿਜੇਪਾਲ ਸ਼ਰਮਾ, ਵਿਕਰਮਦੇਵ ਸਿੰਘ, ਰਘਵੀਰ ਸਿੰਘ ਬੈਨੀਪਾਲ, ਅਮਿਤ ਕਟੋਚ, ਮਨਪ੍ਰੀਤ ਸਿੰਘ, ਹਰਨੇਕ ਸਿੰਘ, ਹਰਚਰਨ ਸਿੰਘ, ਕੁਲਵੰਤ ਸਿੰਘ, ਸਿਕੰਦਰ ਸਿੰਘ, ਕਮਲਪ੍ਰੀਤ ਸਿੰਘ ਅਤੇ ਰਾਜਿੰਦਰ ਕੁਮਾਰ ਸਮੇਤ ਕਈ ਆਗੂ ਸ਼ਾਮਲ ਰਹੇ।

"ਇਹ ਸਿਰਫ਼ ਰੈਲੀ ਨਹੀਂ, ਹੱਕਾਂ ਦੀ ਲੜਾਈ"

ਆਗੂਆਂ ਨੇ ਕਿਹਾ ਕਿ ਇਹ ਮਹਾਂ-ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਆਪਣੇ ਹੱਕਾਂ, ਸਵੈ-ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਲੜੀ ਜਾ ਰਹੀ ਸਾਂਝੀ ਲੜਾਈ ਦਾ ਪ੍ਰਤੀਕ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।