The Punjab Inside
Saturday, 3 October 2026Admin Login
Business

Petrol Diesel price hike: ਤੇਲ ਦੀਆਂ ਕੀਮਤਾਂ ’ਚ ਮੁੜ ਵਾਧਾ; ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ

ਪੱਛਮੀ ਏਸ਼ੀਆ ਸੰਕਟ ਦਾ ਅਸਰ: ਹਫ਼ਤੇ ਵਿੱਚ ਦੂਜੀ ਵਾਰ ਵਧੇ ਭਾਅ

Petrol Diesel price hike: ਤੇਲ ਦੀਆਂ ਕੀਮਤਾਂ ’ਚ ਮੁੜ ਵਾਧਾ; ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ
Punjab Inside Team
Share:

Petrol Diesel price hike: ਦੇਸ਼ ਭਰ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸਿੱਧਾ ਅਸਰ ਹੁਣ ਭਾਰਤੀ ਖਪਤਕਾਰਾਂ ਦੀ ਜੇਬ ’ਤੇ ਪੈਣ ਲੱਗ ਪਿਆ ਹੈ। ਅੱਜ ਹੋਏ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ 87 ਪੈਸੇ ਦੀ ਤੇਜ਼ੀ ਨਾਲ 97.77 ਰੁਪਏ ਤੋਂ ਵਧ ਕੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।

ਦੇਸ਼ ਦੇ ਹੋਰਨਾਂ ਮਹਾਨਗਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਮੁੰਬਈ ਵਿੱਚ ਪੈਟਰੋਲ 91 ਪੈਸੇ ਦੇ ਵਾਧੇ ਨਾਲ 107.59 ਰੁਪਏ ਅਤੇ ਡੀਜ਼ਲ 94 ਪੈਸੇ ਦੀ ਮਾਰ ਨਾਲ 94.08 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਸਭ ਤੋਂ ਵੱਧ 96 ਪੈਸੇ ਦਾ ਵਾਧਾ ਦਰਜ ਕੀਤਾ ਗਿਆ, ਜਿੱਥੇ ਪੈਟਰੋਲ ਦੀ ਕੀਮਤ 109.70 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਚੇਨਈ ਵਿੱਚ ਪੈਟਰੋਲ 104.49 ਰੁਪਏ ਅਤੇ ਜੈਪੁਰ ਵਿੱਚ 108.91 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਛੂਹ ਗਿਆ ਹੈ।

ਕਾਬਿਲੇਗੌਰ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਜਨਤਾ 'ਤੇ ਇਹ ਦੂਜੀ ਵੱਡੀ ਮਾਰ ਹੈ। ਇਸ ਤੋਂ ਪਹਿਲਾਂ ਬੀਤੀ 15 ਮਈ ਨੂੰ ਵੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਸੀ। ਮਾਹਰਾਂ ਮੁਤਾਬਕ 28 ਫਰਵਰੀ ਤੋਂ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਸਮੁੰਦਰੀ ਵਪਾਰ ਦੇ ਅਹਿਮ ਲਾਂਘੇ ‘ਹੋਰਮੁਜ਼ ਜਲਡਮਰੂ’ (Strait of Hormuz) ਵਿੱਚ ਪੈਦਾ ਹੋਏ ਹਾਲਾਤਾਂ ਕਰਕੇ ਬ੍ਰੈਂਟ ਕਰੂਡ (ਕੱਚਾ ਤੇਲ) 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚੱਲ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਊਰਜਾ ਭੰਡਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਆਦਮੀ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।