ਚੰਡੀਗੜ੍ਹ ਦੇ ਪੈਟਰੋਲ ਪੰਪਾਂ ’ਤੇ ਹੁਣ ਨਹੀਂ ਹੋਵੇਗੀ ਟੈਂਕੀ ਫੁੁੱਲ
Petrol Diesel Crisis: ਪੱਛਮੀ ਏਸ਼ੀਆ ਵਿੱਚ ਵਧਦੇ ਹਿੰਸਕ ਸੰਘਰਸ਼ ਅਤੇ ਯੂ.ਏ.ਈ. ਦੀ ਪਰਮਾਣੂ ਸਹੂਲਤ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਹੁਣ ਸਥਾਨਕ ਪੱਧਰ 'ਤੇ...
Punjab Inside Team
Petrol Diesel Crisis: ਪੱਛਮੀ ਏਸ਼ੀਆ ਵਿੱਚ ਵਧਦੇ ਹਿੰਸਕ ਸੰਘਰਸ਼ ਅਤੇ ਯੂ.ਏ.ਈ. ਦੀ ਪਰਮਾਣੂ ਸਹੂਲਤ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਹੁਣ ਸਥਾਨਕ ਪੱਧਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ-ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਹੋਰਮੁਜ਼ ਦੇ ਜਲਮਾਰਗ (Strait of Hormuz) ਤੋਂ ਤੇਲ ਦੀ ਸਪਲਾਈ ਵਿੱਚ ਭਾਰੀ ਰੁਕਾਵਟ ਆਈ ਹੈ।
ਇਸ ਕੌਮਾਂਤਰੀ ਤੇਲ ਸੰਕਟ ਅਤੇ ਪਿੱਛੋਂ ਸਪਲਾਈ ਠੱਪ ਹੋਣ ਕਾਰਨ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਪੈਦਾ ਹੋ ਗਈ ਹੈ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਨੇ ਤੇਲ ਦੀ ਵਿਕਰੀ 'ਤੇ ਤੁਰੰਤ ਪ੍ਰਭਾਵ ਤੋਂ ਲਿਮਟ (ਰੈਸ਼ਨਿੰਗ) ਤੈਅ ਕਰ ਦਿੱਤੀ ਹੈ, ਜਿਸ ਤਹਿਤ ਹੁਣ ਦੋ ਪਹੀਆ ਵਾਹਨਾਂ ਨੂੰ ਇੱਕ ਵਾਰ ਵਿੱਚ ਸਿਰਫ਼ 500 ਰੁਪਏ ਅਤੇ ਚਾਰ ਪਹੀਆ ਵਾਹਨਾਂ ਨੂੰ ਮਹਿਜ਼ 1500 ਰੁਪਏ ਤੱਕ ਦਾ ਹੀ ਤੇਲ ਦਿੱਤਾ ਜਾ ਰਿਹਾ ਹੈ।
ਸ਼ਹਿਰ ਦੇ ਸੈਕਟਰ 17 ਸਮੇਤ ਕਈ ਪ੍ਰਮੁੱਖ ਪੈਟਰੋਲ ਪੰਪਾਂ 'ਤੇ ਇਸ ਸਬੰਧੀ ਬੋਰਡ ਅਤੇ ਪੋਸਟਰ ਲਗਾ ਦਿੱਤੇ ਗਏ ਹਨ, ਜਿੱਥੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਆਮ ਜਨਤਾ ਵਿੱਚ ਭਾਰੀ ਚਿੰਤਾ ਤੇ ਦਹਿਸ਼ਤ ਦਾ ਮਾਹੌਲ ਹੈ।
ਦੇਸ਼ ਵਿੱਚ ਤੇਲ ਦੇ ਗੰਭੀਰ ਹਾਲਾਤ, ਲਗਾਤਾਰ ਵਧ ਰਹੇ ਰੇਟਾਂ ਅਤੇ ਕਰੰਸੀ ਦੇ ਦਬਾਅ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਵਿਸ਼ੇਸ਼ ਅਪੀਲ ਜਾਰੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਮੌਜੂਦਾ ਵਿਸ਼ਵਵਿਆਪੀ ਅਨਿਸ਼ਚਿਤਤਾ ਅਤੇ ਸਪਲਾਈ ਰੂਟਾਂ ਵਿੱਚ ਆਏ ਵਿਘਨ ਕਾਰਨ ਦੇਸ਼ ਇੱਕ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ, ਇਸ ਲਈ ਸਾਰੇ ਦੇਸ਼ ਵਾਸੀ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਬੇਹੱਦ ਸੰਜਮ ਨਾਲ ਕਰਨ ਅਤੇ ਤੇਲ ਦੀ ਬੇਲੋੜੀ ਬਰਬਾਦੀ ਨੂੰ ਰੋਕਣ।
ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਬਦਲਵੇਂ ਪ੍ਰਬੰਧਾਂ ਲਈ ਲਗਾਤਾਰ ਗੱਲਬਾਤ ਕਰ ਰਹੀ ਹੈ, ਪਰ ਜਦੋਂ ਤੱਕ ਸਥਿਤੀ ਆਮ ਨਹੀਂ ਹੁੰਦੀ, ਉਦੋਂ ਤੱਕ ਜਨਤਾ ਸਹਿਯੋਗ ਦੇਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਪੈਨਿਕ ਬਾਇੰਗ (ਦਹਿਸ਼ਤ ਵਿੱਚ ਆ ਕੇ ਤੇਲ ਜਮ੍ਹਾਂ ਕਰਨ) ਤੋਂ ਬਚੇ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਜੇ ਪਿੱਛੋਂ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਰੈਸ਼ਨਿੰਗ ਦੀਆਂ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ। ਹਾਂਲਾਂਕਿ ਇਸ ਬਾਰੇ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਹੁਕਮ ਜਾਰੀ ਨਹੀਂ ਕੀਤੇੇ ਗਏ ਹਨ। ਕਈ ਥਾਵਾਂ ਤੋਂ ਰਿਪੋਰਟਾਂ ਹਨ ਪੰਪਾਂ ਨੂੰ ਅਜਿਹੇ ਸੀਮਾ ਤੈਅ ਕਰਦੇ ਪੋਸਟਰ ਹਟਾਉਣ ਲਈ ਕਿਹਾ ਗਿਆ ਹੈ।
