The Punjab Inside
Saturday, 3 October 2026Admin Login

Punjab Bandh Live: ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ, ਸਕੂਲ-ਕਾਲਜ ਤੇ ਬਾਜ਼ਾਰ ਪ੍ਰਭਾਵਿਤ; ਸੜਕਾਂ 'ਤੇ ਛਾਇਆ ਸੰਨਾਟਾ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵੱਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਕਈ ਜ਼ਿਲ੍ਹਿਆਂ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਖਰੜ-ਚੰਡੀਗੜ੍ਹ ਫਲਾਈਓਵਰ, ਜਲੰਧਰ ਦੇ ਮੁੱਖ ਚੌਕਾਂ, ਮੋਗਾ-ਬਰਨਾਲਾ ਹਾਈਵੇਅ ਅਤੇ ਹੋਰ ਥਾਵਾਂ 'ਤੇ ਧਰਨਿਆਂ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਕਈ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਰਹੇ ਅਤੇ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

Punjab Bandh Live: ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ, ਸਕੂਲ-ਕਾਲਜ ਤੇ ਬਾਜ਼ਾਰ ਪ੍ਰਭਾਵਿਤ; ਸੜਕਾਂ 'ਤੇ ਛਾਇਆ ਸੰਨਾਟਾ
Punjab Inside Team
Share:

ਚੰਡੀਗੜ੍ਹ/ਮੁਹਾਲੀ/ਜਲੰਧਰ/ਮੋਗਾ/ਬਠਿੰਡਾ: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵੱਲੋਂ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸੂਬੇ ਦੇ ਕਈ ਹਿੱਸਿਆਂ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਐਲਾਨੇ ਗਏ ਬੰਦ ਕਾਰਨ ਕਈ ਥਾਵਾਂ 'ਤੇ ਬਾਜ਼ਾਰ ਬੰਦ ਰਹੇ, ਸੜਕਾਂ ਸੁੰਨੀਆਂ ਨਜ਼ਰ ਆਈਆਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਸੜਕਾਂ ਅਤੇ ਹਾਈਵੇਅ 'ਤੇ ਧਰਨੇ ਲਗਾਏ ਗਏ।

ਬੰਦ ਕਾਰਨ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਈ ਥਾਵਾਂ 'ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪਹੀਏ ਰੁਕੇ ਰਹੇ। ਹਾਲਾਂਕਿ ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।

ਖਰੜ-ਚੰਡੀਗੜ੍ਹ ਫਲਾਈਓਵਰ 'ਤੇ ਲੰਮਾ ਜਾਮ

ਖਰੜ ਖੇਤਰ ਵਿੱਚ ਦੇਸੂਮਾਜਰਾ ਨੇੜੇ ਖਰੜ-ਚੰਡੀਗੜ੍ਹ ਫਲਾਈਓਵਰ ਉੱਤੇ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ। ਇਸ ਕਾਰਨ ਰੂਪਨਗਰ ਅਤੇ ਲੁਧਿਆਣਾ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਆਉਣ-ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਪ੍ਰਦਰਸ਼ਨਕਾਰੀਆਂ ਵੱਲੋਂ ਐਂਬੂਲੈਂਸਾਂ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨਾਲ ਸਬੰਧਤ ਵਾਹਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਤੋਂ ਪੰਜਾਬ ਲਈ ਬੱਸ ਸੇਵਾ ਪ੍ਰਭਾਵਿਤ

ਪੰਜਾਬ ਬੰਦ ਦਾ ਅਸਰ ਰੋਡਵੇਜ਼ ਅਤੇ ਜਨਤਕ ਆਵਾਜਾਈ 'ਤੇ ਵੀ ਦੇਖਣ ਨੂੰ ਮਿਲਿਆ। ਚੰਡੀਗੜ੍ਹ ਤੋਂ ਪੰਜਾਬ ਵੱਲ ਜਾਣ ਵਾਲੀਆਂ ਬੱਸ ਸੇਵਾਵਾਂ ਪ੍ਰਭਾਵਿਤ ਰਹੀਆਂ ਅਤੇ ਕਈ ਥਾਵਾਂ 'ਤੇ ਬੱਸਾਂ ਬੱਸ ਅੱਡਿਆਂ ਵਿੱਚ ਹੀ ਖੜ੍ਹੀਆਂ ਨਜ਼ਰ ਆਈਆਂ।

ਮੁਹਾਲੀ ਦੇ ਫੇਜ਼-8 ਸਥਿਤ ਪੁਰਾਣੇ ਬੱਸ ਅੱਡੇ ਦੇ ਬਾਹਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਖੜ੍ਹੀਆਂ ਰਹੀਆਂ। ਮੁਹਾਲੀ-ਚੰਡੀਗੜ੍ਹ ਦੀਆਂ ਸਾਂਝੀਆਂ ਹੱਦਾਂ ਅਤੇ ਮੁੱਖ ਸੜਕਾਂ 'ਤੇ ਬੈਰੀਕੇਡਿੰਗ ਕਰਕੇ ਪੁਲਿਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।

ਜਲੰਧਰ ਵਿੱਚ ਹਾਈਵੇਅ ਅਤੇ ਮੁੱਖ ਚੌਕਾਂ 'ਤੇ ਧਰਨੇ

ਜਲੰਧਰ ਵਿੱਚ ਵੀ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਗੁਰੂ ਨਾਨਕ ਮਿਸ਼ਨ ਚੌਕ ਵਿੱਚ ਧਰਨਾ ਲਗਾ ਕੇ ਆਵਾਜਾਈ ਪ੍ਰਭਾਵਿਤ ਕੀਤੀ ਗਈ, ਜਦਕਿ ਰਾਮਾ ਮੰਡੀ ਚੌਕ ਨੇੜੇ ਧਰਨੇ ਕਾਰਨ ਦਿੱਲੀ-ਅੰਮ੍ਰਿਤਸਰ ਅਤੇ ਲੁਧਿਆਣਾ-ਅੰਮ੍ਰਿਤਸਰ ਰੂਟਾਂ 'ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।

ਹਰਬੰਸ ਨਗਰ, ਆਦਰਸ਼ ਨਗਰ, ਜੇ.ਪੀ. ਨਗਰ ਰੋਡ ਅਤੇ ਲੈਦਰ ਕੰਪਲੈਕਸ ਰੋਡ ਸਮੇਤ ਕਈ ਇਲਾਕਿਆਂ ਦੇ ਬਾਜ਼ਾਰ ਬੰਦ ਰਹੇ। ਕੁਝ ਨਿੱਜੀ ਸਕੂਲਾਂ ਨੇ ਛੁੱਟੀ ਕੀਤੀ, ਜਦਕਿ ਕੁਝ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ। ਸਰਕਾਰੀ ਸਕੂਲਾਂ ਵਿੱਚ ਕਈ ਥਾਵਾਂ 'ਤੇ ਕੰਮਕਾਜ ਆਮ ਰਿਹਾ।

ਰੇਲ ਆਵਾਜਾਈ ਫਿਲਹਾਲ ਸੁਚਾਰੂ ਰਹਿਣ ਦੀ ਜਾਣਕਾਰੀ ਮਿਲੀ ਹੈ।

ਮੋਗਾ-ਬਰਨਾਲਾ ਹਾਈਵੇਅ ਜਾਮ

ਮੋਗਾ ਵਿੱਚ ਵੀ ਪੰਜਾਬ ਬੰਦ ਦਾ ਅਸਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਦੇਖਣ ਨੂੰ ਮਿਲਿਆ। ਕਈ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਦੇ ਸਮਰਥਨ ਵਿੱਚ ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ 'ਤੇ ਧਰਨਾ ਦੇ ਕੇ ਆਵਾਜਾਈ ਜਾਮ ਕੀਤੀ ਗਈ।

ਲੁਧਿਆਣਾ ਵਿੱਚ ਮਿਲਿਆ-ਜੁਲਿਆ ਅਸਰ

ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਬੰਦ ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਕਈ ਨਿੱਜੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ, ਜਦਕਿ ਕੁਝ ਸਕੂਲਾਂ ਨੇ ਛੁੱਟੀ ਦਾ ਐਲਾਨ ਕੀਤਾ। ਕੁਝ ਸਕੂਲਾਂ ਨੇ ਵਿਦਿਆਰਥੀਆਂ ਦੀ ਛੁੱਟੀ ਦੁਪਹਿਰ 2 ਵਜੇ ਤੋਂ ਬਾਅਦ ਕਰਨ ਦਾ ਫੈਸਲਾ ਕੀਤਾ।

ਸਵੇਰ ਵੇਲੇ ਸੜਕਾਂ 'ਤੇ ਆਵਾਜਾਈ ਆਮ ਦਿਨਾਂ ਨਾਲੋਂ ਘੱਟ ਅਤੇ ਕਈ ਬਾਜ਼ਾਰਾਂ ਵਿੱਚ ਸਨਾਟਾ ਦੇਖਣ ਨੂੰ ਮਿਲਿਆ।

ਬਟਾਲਾ ਵਿੱਚ ਬਾਜ਼ਾਰ ਬੰਦ, ਬੱਸਾਂ ਦਾ ਚੱਕਾ ਜਾਮ

ਬਟਾਲਾ ਵਿੱਚ ਵੀ ਬੰਦ ਦੇ ਸੱਦੇ ਦਾ ਅਸਰ ਦਿਖਾਈ ਦਿੱਤਾ। ਬਾਜ਼ਾਰ ਬੰਦ ਰਹੇ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਬਟਾਲਾ ਰੇਲਵੇ ਸਟੇਸ਼ਨ ਸਮੇਤ ਸੰਵੇਦਨਸ਼ੀਲ ਥਾਵਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਬਰਨਾਲਾ ਬੱਸ ਸਟੈਂਡ 'ਤੇ ਬੱਸਾਂ ਖੜ੍ਹੀਆਂ

ਬਰਨਾਲਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸਾਂ ਆਪਣੇ ਰੂਟਾਂ ਲਈ ਰਵਾਨਾ ਨਹੀਂ ਹੋਈਆਂ। ਕਈ ਬੱਸਾਂ ਸਟੈਂਡ ਦੇ ਅੰਦਰ ਹੀ ਖੜ੍ਹੀਆਂ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਬਠਿੰਡਾ ਵਿੱਚ ਸੱਤ ਥਾਵਾਂ 'ਤੇ ਧਰਨੇ

ਬਠਿੰਡਾ ਜ਼ਿਲ੍ਹੇ ਵਿੱਚ ਵੱਖ-ਵੱਖ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸੱਤ ਥਾਵਾਂ 'ਤੇ ਧਰਨੇ ਸ਼ੁਰੂ ਕੀਤੇ ਗਏ। ਬਠਿੰਡਾ ਦੇ ਮੁੱਖ ਬੱਸ ਅੱਡੇ ਸਾਹਮਣੇ ਸਿੱਖ ਸੰਗਤਾਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਗਿਆ।

ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਕਈ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਬੱਸਾਂ ਬੰਦ ਰੱਖੀਆਂ ਅਤੇ ਕੁਝ ਵਿਦਿਅਕ ਅਦਾਰੇ ਵੀ ਪ੍ਰਭਾਵਿਤ ਰਹੇ।

ਕਲਾਨੌਰ, ਵਡਾਲਾ ਬਾਂਗਰ ਅਤੇ ਸ਼ਾਹਕੋਟ ਵਿੱਚ ਵੀ ਬੰਦ ਦਾ ਅਸਰ

ਬਾਰਡਰ ਏਰੀਏ ਦੇ ਇਤਿਹਾਸਕ ਕਸਬੇ ਕਲਾਨੌਰ ਅਤੇ ਵਡਾਲਾ ਬਾਂਗਰ ਵਿੱਚ ਵੀ ਬਾਜ਼ਾਰ ਬੰਦ ਰਹੇ। ਸ਼ਾਹਕੋਟ ਵਿੱਚ ਵੀ ਬੰਦ ਨੂੰ ਸਮਰਥਨ ਮਿਲਣ ਦੀ ਜਾਣਕਾਰੀ ਹੈ ਅਤੇ ਕਈ ਬਾਜ਼ਾਰ ਬੰਦ ਰਹੇ।

ਐਮਰਜੈਂਸੀ ਸੇਵਾਵਾਂ ਨੂੰ ਛੋਟ

ਕੌਮੀ ਇਨਸਾਫ਼ ਮੋਰਚੇ ਵੱਲੋਂ ਲੋਕਾਂ ਨੂੰ ਦੁਪਹਿਰ 2 ਵਜੇ ਤੱਕ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਬੰਦ ਦੌਰਾਨ ਐਂਬੂਲੈਂਸਾਂ, ਮੈਡੀਕਲ ਐਮਰਜੈਂਸੀ ਸੇਵਾਵਾਂ, ਵਿਆਹ-ਸ਼ਾਦੀ ਨਾਲ ਸਬੰਧਤ ਵਾਹਨਾਂ, ਵਿਦੇਸ਼ੀ ਉਡਾਣਾਂ ਲਈ ਜਾ ਰਹੇ ਯਾਤਰੀਆਂ ਅਤੇ ਮ੍ਰਿਤਕ ਦੇਹ ਨਾਲ ਜਾ ਰਹੇ ਲੋਕਾਂ ਨੂੰ ਲੰਘਣ ਦੀ ਛੋਟ ਦਿੱਤੀ ਜਾ ਰਹੀ ਹੈ।