The Punjab Inside
Saturday, 3 October 2026Admin Login
Education

'ਸਿੱਖਿਆ ਕ੍ਰਾਂਤੀ' ਦੇ ਦਾਅਵਿਆਂ ਦੀ ਖੁੱਲ੍ਹੀ ਪੋਲ: ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ 'ਚ 104 ਬੱਚਿਆਂ ਲਈ ਸਿਰਫ਼ ਇੱਕ ਅਧਿਆਪਕ, ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ

ਮਹਿਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿੱਚ 104 ਵਿਦਿਆਰਥੀਆਂ ਲਈ ਸਿਰਫ਼ ਇੱਕ ਅਧਿਆਪਕ ਹੋਣ ਕਾਰਨ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਸਰਕਾਰ ਦੇ ਸਿੱਖਿਆ ਸੁਧਾਰਾਂ ਦੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਟਾਫ਼ ਦੀ ਤਾਇਨਾਤੀ ਨਾ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਸਿੱਖਿਆ ਵਿਭਾਗ ਨੇ ਕਿਹਾ ਕਿ ਸਕੂਲ ਵਿੱਚ ਦੋ ਨਵੇਂ ਅਧਿਆਪਕ ਤਾਇਨਾਤ ਕੀਤੇ ਜਾ ਰਹੇ ਹਨ ਅਤੇ ਇੱਕ ਡੈਪੂਟੇਸ਼ਨ 'ਤੇ ਭੇਜੇ ਅਧਿਆਪਕ ਨੂੰ ਵੀ ਵਾਪਸ ਭੇਜਿਆ ਜਾਵੇਗਾ।

'ਸਿੱਖਿਆ ਕ੍ਰਾਂਤੀ' ਦੇ ਦਾਅਵਿਆਂ ਦੀ ਖੁੱਲ੍ਹੀ ਪੋਲ: ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ 'ਚ 104 ਬੱਚਿਆਂ ਲਈ ਸਿਰਫ਼ ਇੱਕ ਅਧਿਆਪਕ, ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ
Punjab Inside Team
Share:

ਮਹਿਲ ਕਲਾਂ, 24 ਜੁਲਾਈ: ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ। ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਕੂਲ ਵਿੱਚ 104 ਵਿਦਿਆਰਥੀਆਂ ਦੀ ਪੜ੍ਹਾਈ ਦਾ ਭਾਰ ਸਿਰਫ਼ ਇੱਕ ਮੁੱਖ ਅਧਿਆਪਕ 'ਤੇ ਹੈ, ਜਿਸ ਕਾਰਨ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ।

ਪ੍ਰਦਰਸ਼ਨਕਾਰੀਆਂ ਮੁਤਾਬਕ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ 64 ਅਤੇ ਪ੍ਰੀ-ਪ੍ਰਾਇਮਰੀ ਦੇ 40 ਵਿਦਿਆਰਥੀ ਹਨ। ਇੱਕੋ ਅਧਿਆਪਕ ਨੂੰ ਪੜ੍ਹਾਈ ਦੇ ਨਾਲ-ਨਾਲ ਮਿਡ-ਡੇ ਮੀਲ, ਦਫ਼ਤਰੀ ਕੰਮ ਅਤੇ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਲੋੜੀਂਦਾ ਸਮਾਂ ਨਹੀਂ ਮਿਲ ਪਾ ਰਿਹਾ।

ਰੋਸ ਪ੍ਰਦਰਸ਼ਨ ਦੌਰਾਨ ਮਾਪਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਕੂਲ ਵਿੱਚ ਖਾਲੀ ਪਈਆਂ ਅਧਿਆਪਕਾਂ ਅਤੇ ਹੋਰ ਸਟਾਫ਼ ਦੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ 'ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਸਿੱਖਿਆ ਸੁਧਾਰਾਂ ਅਤੇ 'ਸਿੱਖਿਆ ਕ੍ਰਾਂਤੀ' ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ।

ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਅਤੇ ਪੰਚ ਏਕਮ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਨੂੰ ਨਿਯਮਤ ਪੜ੍ਹਾਈ ਨਹੀਂ ਮਿਲ ਰਹੀ। ਉਨ੍ਹਾਂ ਦਾ ਦੋਸ਼ ਸੀ ਕਿ ਕਈ ਵਾਰ ਬੱਚੇ ਘਰ ਬਿਨਾਂ ਘਰੇਲੂ ਕੰਮ ਜਾਂ ਪਾਠ ਦੇ ਹੀ ਵਾਪਸ ਆ ਜਾਂਦੇ ਹਨ, ਜਿਸ ਨਾਲ ਮਾਪਿਆਂ ਵਿੱਚ ਚਿੰਤਾ ਵਧ ਰਹੀ ਹੈ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਸਕੂਲ ਵਿੱਚ ਲੋੜੀਂਦੇ ਅਧਿਆਪਕ ਤਾਇਨਾਤ ਨਾ ਕੀਤੇ ਗਏ ਤਾਂ ਮੰਗਲਵਾਰ ਤੋਂ ਮਾਪਿਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਸ ਮਾਮਲੇ 'ਤੇ ਬਲਾਕ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਹਿਲ ਕਲਾਂ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਮਹਿਲ ਕਲਾਂ ਦੇ ਸਕੂਲਾਂ ਲਈ ਕਰੀਬ 41 ਨਵੇਂ ਅਧਿਆਪਕ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿੱਚ ਵੀ ਦੋ ਨਵੇਂ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਅਤੇ ਡੈਪੂਟੇਸ਼ਨ 'ਤੇ ਭੇਜੇ ਗਏ ਇੱਕ ਅਧਿਆਪਕ ਨੂੰ ਵੀ ਵਾਪਸ ਭੇਜਣ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ਵਿੱਚ ਸਟਾਫ਼ ਦੀ ਘਾਟ ਜਲਦ ਦੂਰ ਕਰ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਰੋਸ ਪ੍ਰਦਰਸ਼ਨ ਵਿੱਚ ਜਸਪਾਲ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਸੋਨੀ ਕੌਰ, ਸਰਬਜੀਤ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਰਾਮ ਸਿੰਘ, ਹਰਕਰਨ ਸਿੰਘ, ਨੈਬ ਸਿੰਘ, ਲਖਬੀਰ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਅਤੇ ਪਿੰਡ ਵਾਸੀ ਹਾਜ਼ਰ ਸਨ।