The Punjab Inside
Saturday, 3 October 2026Admin Login
Punjab

ਵਾਅਦੇ 8 ਘੰਟੇ ਦੇ, ਬਿਜਲੀ ਮਿਲ ਰਹੀ ਸਿਰਫ਼ 3-4 ਘੰਟੇ! ਖੇਤਾਂ 'ਚ ਸੁੱਕ ਰਹੀ ਪਨੀਰੀ, ਫੈਕਟਰੀਆਂ 'ਚ ਜਾਮ ਹੋਏ ਮਸ਼ੀਨਾਂ ਦੇ ਪਹੀਏ

"8 ਘੰਟੇ ਦੇ ਵਾਅਦੇ, ਮਿਲ ਰਹੀ ਸਿਰਫ਼ 3-4 ਘੰਟੇ ਬਿਜਲੀ! ਮੁਹਾਲੀ 'ਚ ਕਿਸਾਨਾਂ ਦੀ ਪਨੀਰੀ ਸੁੱਕਣ ਦੇ ਕਿਨਾਰੇ, ਫੈਕਟਰੀਆਂ ਦੇ ਮਸ਼ੀਨ ਵੀ ਹੋਏ ਜਾਮ"

ਵਾਅਦੇ 8 ਘੰਟੇ ਦੇ, ਬਿਜਲੀ ਮਿਲ ਰਹੀ ਸਿਰਫ਼ 3-4 ਘੰਟੇ! ਖੇਤਾਂ 'ਚ ਸੁੱਕ ਰਹੀ ਪਨੀਰੀ, ਫੈਕਟਰੀਆਂ 'ਚ ਜਾਮ ਹੋਏ ਮਸ਼ੀਨਾਂ ਦੇ ਪਹੀਏ
Punjab Inside Team
Share:

ਮੁਹਾਲੀ, 1 ਜੁਲਾਈ: ਪੰਜਾਬ ਦੀ 'ਮਿੰਨੀ ਰਾਜਧਾਨੀ' ਵਜੋਂ ਜਾਣੇ ਜਾਂਦੇ ਮੁਹਾਲੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਲਗਾਤਾਰ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਅੱਤ ਦੀ ਗਰਮੀ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਦੇ ਬਾਰ-ਬਾਰ ਠੱਪ ਹੋਣ ਕਾਰਨ ਜਿੱਥੇ ਕਿਸਾਨ ਵਰਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।

ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਨਛੱਤਰ ਸਿੰਘ ਬੈਦਵਾਨ, ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਜਸਵੰਤ ਸਿੰਘ ਪੂਨੀਆ ਅਤੇ ਜਸਪਾਲ ਸਿੰਘ ਲਾਂਡਰਾਂ ਨੇ ਦੋਸ਼ ਲਗਾਇਆ ਕਿ ਝੋਨੇ ਦੀ ਲਵਾਈ ਦੇ ਪੀਕ ਸੀਜ਼ਨ ਦੌਰਾਨ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਅੰਨਦਾਤਾ ਨੂੰ ਦੂਹਰੀ ਮਾਰ ਹੇਠ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਫੀਡਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।

ਕਿਸਾਨ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਨੇ ਦੱਸਿਆ ਕਿ ਕਿਸਾਨਾਂ ਨੂੰ ਸਿਰਫ਼ 3 ਤੋਂ 4 ਘੰਟੇ ਹੀ ਬਿਜਲੀ ਮਿਲ ਰਹੀ ਹੈ, ਉਹ ਵੀ ਵਾਰ-ਵਾਰ ਬੰਦ ਹੋ ਜਾਂਦੀ ਹੈ। ਇਸ ਕਾਰਨ ਟਿਊਬਵੈੱਲਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ, ਖੇਤਾਂ ਵਿੱਚ ਪਾਣੀ ਦੀ ਘਾਟ ਪੈ ਰਹੀ ਹੈ ਅਤੇ ਝੋਨੇ ਦੀ ਪਨੀਰੀ ਸੁੱਕਣ ਦਾ ਖ਼ਤਰਾ ਬਣ ਗਿਆ ਹੈ।

ਦੂਜੇ ਪਾਸੇ, ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼-7, ਫੇਜ਼-8 ਅਤੇ ਫੇਜ਼-9 ਸਮੇਤ ਨੇੜਲੇ ਵਪਾਰਕ ਖੇਤਰਾਂ ਵਿੱਚ ਵੀ ਬਿਜਲੀ ਕੱਟਾਂ ਨੇ ਉਦਯੋਗਾਂ ਦੀ ਰਫ਼ਤਾਰ ਰੋਕ ਦਿੱਤੀ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲੱਗ ਰਹੇ ਬਿਜਲੀ ਕੱਟਾਂ ਕਾਰਨ ਫੈਕਟਰੀਆਂ ਵਿੱਚ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਕੱਚਾ ਮਾਲ ਖ਼ਰਾਬ ਹੋ ਰਿਹਾ ਹੈ ਅਤੇ ਲੇਬਰ ਨੂੰ ਵਿਹਲਾ ਬੈਠਣਾ ਪੈ ਰਿਹਾ ਹੈ, ਜਿਸ ਨਾਲ ਆਰਥਿਕ ਨੁਕਸਾਨ ਵੱਧ ਰਿਹਾ ਹੈ।

ਇਸ ਤੋਂ ਇਲਾਵਾ, ਬਿਜਲੀ 'ਤੇ ਨਿਰਭਰ ਛੋਟੇ ਕਾਰੋਬਾਰ, ਵਰਕਸ਼ਾਪਾਂ ਅਤੇ ਆਈਟੀ ਸੈਕਟਰ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗੇ ਇਨਵਰਟਰ ਅਤੇ ਜਨਰੇਟਰ ਵੀ ਲੰਬੇ ਸਮੇਂ ਦੇ ਬਿਜਲੀ ਕੱਟਾਂ ਅੱਗੇ ਬੇਅਸਰ ਸਾਬਤ ਹੋ ਰਹੇ ਹਨ।

ਉਧਰ, ਖਰੜ ਇਲਾਕੇ ਦੇ ਵਸਨੀਕਾਂ ਨੇ ਲਗਾਤਾਰ ਬਿਜਲੀ ਕੱਟਾਂ ਤੋਂ ਤੰਗ ਆ ਕੇ ਲੰਘੀ ਰਾਤ ਤੜਕੇ ਢਾਈ ਵਜੇ ਤੱਕ ਸੜਕ ਜਾਮ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਤੁਰੰਤ ਬਿਜਲੀ ਸਪਲਾਈ ਵਿੱਚ ਸੁਧਾਰ ਦੀ ਮੰਗ ਕੀਤੀ।

ਸਥਾਨਕ ਲੋਕਾਂ, ਕਿਸਾਨਾਂ ਅਤੇ ਉਦਯੋਗਪਤੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਅਣ-ਐਲਾਨੇ ਬਿਜਲੀ ਕੱਟਾਂ ਨੂੰ ਤੁਰੰਤ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਖੇਤੀਬਾੜੀ ਅਤੇ ਉਦਯੋਗਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾ ਸਕੇ।