Wednesday, 19 August 2026Admin Login
Punjab

ਗੰਭੀਰ ਆਰਥਿਕ ਸੰਕਟ: ਸਰਕਾਰੀ ਗਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਪਾਵਰਕਾਮ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਨੇ ਗੰਭੀਰ ਵਿੱਤੀ ਦਬਾਅ ਕਾਰਨ ਸਰਕਾਰੀ ਗਰੰਟੀ ਤੋਂ ਬਿਨਾਂ ਲਗਭਗ 10,000 ਕਰੋੜ ਰੁਪਏ ਦੇ ਬਾਂਡ ਅਤੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (NCDs) ਜਾਰੀ ਕਰਕੇ ਕਰਜ਼ਾ ਇਕੱਠਾ ਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ। ਕੰਪਨੀ ਮੁਤਾਬਕ ਪੰਜਾਬ ਸਰਕਾਰ ਵੱਲੋਂ 7,000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 2,600 ਕਰੋੜ ਰੁਪਏ ਦੇ ਬਿਜਲੀ ਬਿੱਲ ਅਜੇ ਵੀ ਬਕਾਇਆ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰੀ ਗਰੰਟੀ ਤੋਂ ਬਿਨਾਂ ਕਰਜ਼ਾ ਲੈਣ ਨਾਲ ਪਾਵਰਕਾਮ 'ਤੇ ਵਿੱਤੀ ਬੋਝ ਅਤੇ ਜੋਖ਼ਮ ਵਧ ਸਕਦਾ ਹੈ, ਜਿਸ ਨਾਲ ਕੰਪਨੀ ਦੀ ਆਰਥਿਕ ਸਥਿਤੀ ਨੂੰ ਲੈ ਕੇ ਚਿੰਤਾਵਾਂ ਹੋਰ ਗੰਭੀਰ ਹੋ ਗਈਆਂ ਹਨ।

By Parmeet Singh Bidowali
Share:
ਗੰਭੀਰ ਆਰਥਿਕ ਸੰਕਟ: ਸਰਕਾਰੀ ਗਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਪਾਵਰਕਾਮ

ਚੰਡੀਗੜ੍ਹ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਨੇ ਗੰਭੀਰ ਵਿੱਤੀ ਦਬਾਅ ਦੇ ਮੱਦੇਨਜ਼ਰ ਸਰਕਾਰੀ ਗਰੰਟੀ ਤੋਂ ਬਿਨਾਂ ਬਾਜ਼ਾਰ ਤੋਂ ਕਰੀਬ 10,000 ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਇਹ ਪਹਿਲਾ ਮੌਕਾ ਹੋ ਸਕਦਾ ਹੈ ਜਦੋਂ ਪਾਵਰਕਾਮ ਪੰਜਾਬ ਸਰਕਾਰ ਦੀ ਗਰੰਟੀ ਤੋਂ ਬਿਨਾਂ ਇੰਨੀ ਵੱਡੀ ਰਕਮ ਲਈ ਬਾਂਡ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਪਾਵਰਕਾਮ ਨੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (Non-Convertible Debentures - NCDs) ਅਤੇ ਬਾਂਡਾਂ ਰਾਹੀਂ 10,000 ਕਰੋੜ ਰੁਪਏ ਇਕੱਠੇ ਕਰਨ ਲਈ ਟ੍ਰਾਂਜੈਕਸ਼ਨ ਸਲਾਹਕਾਰ-ਕਮ-ਮਰਚੈਂਟ ਬੈਂਕਰ/ਆਰੇਂਜਰ ਦੀ ਨਿਯੁਕਤੀ ਵਾਸਤੇ ਸੇਬੀ ਨਾਲ ਰਜਿਸਟਰਡ ਸ਼੍ਰੇਣੀ-1 ਮਰਚੈਂਟ ਬੈਂਕਰਾਂ ਤੋਂ ਆਨਲਾਈਨ ਬੋਲੀਆਂ ਮੰਗੀਆਂ ਹਨ।

ਸਰਕਾਰ ਕੋਲ ਹਜ਼ਾਰਾਂ ਕਰੋੜ ਦੇ ਬਕਾਏ

ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ, ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਦੇ ਲਗਭਗ 7,000 ਕਰੋੜ ਰੁਪਏ ਦੇ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ, ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਕਰੀਬ 2,600 ਕਰੋੜ ਰੁਪਏ ਦੇ ਬਿਜਲੀ ਬਿੱਲ ਅਦਾ ਨਹੀਂ ਕੀਤੇ ਗਏ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਕ ਸੀਜ਼ਨ ਦੌਰਾਨ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਖੁੱਲ੍ਹੇ ਬਾਜ਼ਾਰ ਤੋਂ ਮਹਿੰਗੇ ਭਾਅ 'ਤੇ ਬਿਜਲੀ ਖਰੀਦਣੀ ਪਈ, ਜਿਸ ਕਾਰਨ ਕੰਪਨੀ 'ਤੇ ਵਿੱਤੀ ਦਬਾਅ ਹੋਰ ਵੱਧ ਗਿਆ।

ਮਾਹਿਰਾਂ ਨੇ ਜਤਾਈ ਚਿੰਤਾ

ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰੀ ਗਰੰਟੀ ਤੋਂ ਬਿਨਾਂ ਕਰਜ਼ਾ ਲੈਣ ਦੀ ਸਥਿਤੀ ਵਿੱਚ ਪਾਵਰਕਾਮ ਨੂੰ ਆਪਣੀਆਂ ਸੰਪਤੀਆਂ ਗਿਰਵੀ ਰੱਖਣੀਆਂ ਪੈ ਸਕਦੀਆਂ ਹਨ। ਇਸ ਦੇ ਨਾਲ ਹੀ ਮਰਚੈਂਟ ਬੈਂਕਰ ਨੂੰ ਵੱਧ ਕਮਿਸ਼ਨ ਵੀ ਅਦਾ ਕਰਨਾ ਪੈ ਸਕਦਾ ਹੈ, ਜਿਸ ਨਾਲ ਕਰਜ਼ੇ ਦੀ ਕੁੱਲ ਲਾਗਤ ਹੋਰ ਵੱਧੇਗੀ।

ਮਾਹਿਰ ਇਹ ਸਵਾਲ ਵੀ ਉਠਾ ਰਹੇ ਹਨ ਕਿ ਜੇਕਰ ਪੰਜਾਬ ਸਰਕਾਰ 10,000 ਕਰੋੜ ਰੁਪਏ ਦੇ ਬਾਂਡਾਂ ਲਈ ਗਰੰਟੀ ਦੇਣ ਲਈ ਤਿਆਰ ਨਹੀਂ ਹੈ ਤਾਂ ਪਾਵਰਕਾਮ ਆਪਣੇ ਪੱਧਰ 'ਤੇ ਇਹ ਵੱਡਾ ਵਿੱਤੀ ਜੋਖ਼ਮ ਕਿਉਂ ਲੈ ਰਿਹਾ ਹੈ।

ਨਵੇਂ ਸੰਕਟ ਦੇ ਸੰਕੇਤ

ਕੁਝ ਸਮਾਂ ਪਹਿਲਾਂ ਤੱਕ ਪਾਵਰਕਾਮ ਦੀ ਵਿੱਤੀ ਸਥਿਤੀ ਨੂੰ ਸਥਿਰ ਦੱਸਿਆ ਜਾ ਰਿਹਾ ਸੀ, ਪਰ ਹੁਣ 10,000 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦੀ ਤਿਆਰੀ ਇਹ ਸੰਕੇਤ ਦੇ ਰਹੀ ਹੈ ਕਿ ਕੰਪਨੀ ਗੰਭੀਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਪੂਰੇ ਮਾਮਲੇ 'ਤੇ ਹੁਣ ਸਰਕਾਰ ਅਤੇ ਪਾਵਰਕਾਮ ਦੀ ਅਗਲੀ ਰਣਨੀਤੀ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।